119

ਅਧਿਆਤਮ ਦਾ ਇਗਜ਼ੌਸਟ

ਸੋਚ ਦੀ ਭੜਾਸ ਵਿਚੋਂ ਪੈਦਾ ਹੋਏ
ਕੀੜਿਆਂ ਦੇ ਰੰਗ ਰੂਪ ਡਰਾਉਣੇ ਹੀ ਹੁੰਦੇ ਨੇ
(ਇੱਥੇ ਦੱਸ ਦਿਆਂ ਕੇ ਕੀੜੇ
ਭੜਾਸ ਨਾਲ ਹੀ ਪੈਦਾ ਹੁੰਦੇ ਨੇ)

ਸਾਇੰਸ ਦੇ ਯੁੱਗ ਵਿੱਚ
ਅਧਿਆਤਮ ਦੀ ਖੋਜ ਵਿਚੋਂ
ਕੋਈ ਹੈ ਐਸਾ ਜੋ
ਅੰਦਰ ਦੀ ਭੜਾਸ ਕੱਢਣ ਵਾਲਾ
ਇਗਜ਼ੌਸਟ-ਫੈਨ ਤਿਆਰ ਕਰ ਰਿਹਾ ਹੋਵੇ?

ਅੰਦਰ ਵੀ ਕੀੜੇ ਪੈਦਾ ਹੋ ਰਹੇ ਨੇ
ਅੰਦਰ ਦੀ ਭੜਾਸ ਨਾਲ

ਮਾਸ ਨਾਲ ਮਾਸ ਘਿਸੜਦਾ ਹੈ
ਭੜਾਸ ਪੈਦਾ ਹੁੰਦੀ ਹੈ
ਜੀਵ ਜਨਮ ਲੈਂਦਾ ਹੈ
ਪਰ ਭੜਾਸ ਵਿੱਚੋਂ ਹੀ ਜਨਮ ਹੈ

ਗੰਦੀਆਂ ਥਾਵਾਂ ਦੀ ਭੜਾਸ ਵਿਚੋਂ
ਗੰਦਾ ਕੀੜਾ ਜਨਮ ਲੈਂਦਾ ਹੈ

ਜੀਵ ਸੁੰਦਰ ਵੀ ਹੁੰਦੇ ਨੇ
ਰੰਗ-ਬਰੰਗੇ ਵੀ
ਕੁਦਰਤ ਦੀ ਖੂਬਸੂਰਤੀ ਨੂੰ
ਬਿਆਨ ਵੀ ਕਰਦੇ ਨੇ

ਸਖਤ ਬੀਜ ਵੀ ਭੜਾਸ ਨਾਲ ਫੁੱਟਦਾ ਹੈ
ਖੂਬਸੂਰਤ ਪੌਦਾ ਬਣਦਾ ਹੈ
ਉਸ ਤੇ ਫੁੱਲ ਫਲ ਵੀ ਲਗਦੇ ਨੇ

ਪਰ ਹੁਣ ਅੰਦਰ ਦੀ ਭੜਾਸ
ਨਾਲ ਪੈਦਾ ਹੋਣ ਵਾਲੇ
ਜਹਿਰੀਲੇ ਕੀੜੇ
ਖੁਸ਼ੀ ਦਾ ਨਾਸ ਕਰਦੇ ਨੇ

ਅਧਿਆਤਮਿਕਤਾ ਦਾ ਇਗਜ਼ੌਸਟ
ਚਲਦਾ ਰਹਿਣਾ ਚਾਹੀਦਾ ਹੈ
ਸਰੀਰ ਅੰਦਰ
ਸੋਚ ਤੇ ਮਾਨਸਿਕਤਾ ਦੀ ਭੜਾਸ ਕੱਢਣ ਲਈ

Post Author: admin