198

ਅੰਦਰੋਂ ਨਿਕਲੀ

 

ਕੀ ਮੇਰਾ ਫੈਸਲਾ ਕਰੇਂ ਗਾ “ਤੂੰ”
ਇਹ ਸਰੀਰ ਨਾਲ ਜੁੜੇ ਹੋਏ
ਰਿਸ਼ਤੇ ਨਾਤੇ,ਸਮਾਜ ਪਰਿਵਾਰ
ਨਾਲ ਜੁੜੇ ਹੋਏ ਬੰਧਨ

ਕੀ ਇਹੀ ਜੀਵਨ ਭੋਗ ਹੈ ਮੇਰਾ?

ਇਸ ਫੈਸਲੇ ਤੋਂ ਨਾ ਖੁਸ਼ ਹਾਂ ਮੈਂ
ਇਹ ਸਭ ਕਰਨਾ, ਭੋਗਣਾ
ਨਹੀਂ ਚਾਹੁੰਦਾ ਹਾਂ ਮੈਂ

ਸਰੀਰ ਦੀਆਂ ਖੇਡਾਂ ਦੀ ਖੁਸ਼ੀ
ਕੁਝ ਸਮੇਂ ਲਈ ਮੈਂ ਵੀ ਭੋਗਣਾ ਚਾਹੁੰਦਾ ਹਾਂ
ਜਿਉਂਣਾ ਚਾਹੁੰਦਾ ਹਾਂ
ਕੁਝ ਅਹਿਸਾਸਾ ਨੂੰ
ਸਧਾਰਨ ਇਨਸਾਨਾਂ ਦੀ ਤਰ੍ਹਾਂ
ਪਰ ਇਹ ਮੇਰਾ ਜੀਵਨ ਮਨੋਰਥ ਤਾਂ ਨਹੀਂ

ਫੈਸਲਿਆਂ ਵਿੱਚੋਂ
ਕੁਝ ਦਿਸ਼ਾਵਾਂ ਨਿਕਲਦੀਆਂ ਨੇ
ਸੀਮਾਵਾਂ ਨਿਕਲਦੀਆਂ ਨੇ
ਜੋ ਨਿਰਧਾਰਿਤ ਕਰ ਸਕਦੀਆਂ ਨੇ ਮੈਨੂੰ
ਪਰ ਮੇਰੀ ਸੋਚ ਦੀ ਵਿਸ਼ਾਲਤਾ
ਤੇਰੇ ਤੋਂ ਬਿਨਾਂ ਨਿਰਧਾਰਿਤ ਨਹੀਂ ਹੋ ਸਕਦੀ

ਮੇਰੇ ਫੈਸਲੇ ਤੇ ਤੇਰੀਆਂ ਦਿਸ਼ਾਵਾਂ
ਜਦੋਂ ਤੱਕ ਇਕੱਠੀਆਂ ਨਹੀਂ ਹੁੰਦੀਆਂ
ਮੈਂ ਮੰਜਿਲ ਨਹੀਂ ਹੋ ਸਕਦਾ

ਸਮੇਂ ਦੇ ਬਦਲਾਓ
ਅਤੇ ਤੇਰੀ ਨਵੀਨਤਾ ਵਿੱਚ
ਪੁਰਾਤਨਤਾ ਹੈ
ਇਸ ਲਈ ਦੋਹਰਾ ਨਾ ਮੈਨੂੰ

ਮੈਂ ਨਵੇਂ ਯੁੱਗ ਦੀ
ਨਵੀਂ ਨਵੀਨਤਾ ਬਣਨਾ ਚਾਹੁੰਦਾ ਹਾਂ
ਦੁਹਰਾਈ ਹੋਈ ਪੁਰਾਤਨਤਾ ਨਹੀਂ

ਇੱਕੋ ਹੀ ਕਵਿਤਾ
ਦੋ ਵਾਰ ਨਹੀਂ ਲਿਖੀ ਜਾ ਸਕਦੀ
ਪੜ੍ਹਨ ਵਾਲੇ ਅਨੰਦ ਨਹੀਂ ਮਾਣਦੇ
ਮੈਂ ਸ਼ਬਦ ਨਵੇਂ ਨਹੀਂ
ਅਰਥ ਨਵੇਂ ਚਾਹੁੰਦਾ ਹਾਂ
ਤੇਰੇ ਨਵੇਂ ਯੁੱਗ ਦੇ ਨਵੇਂ ਵਿਕਾਸ ਲਈ

Post Author: admin