102

ਘਸਿਆ ਪਿਟਿਆ ਰੱਬ

ਤੂੰ ਕੀ ਹੈਂ?
ਰੱਬ !
ਕਿਸ ਤਰਾਂ ਦਾ ਰੱਬ
ਕੋਈ ਖਾਸ ਗੱਲ ਨਹੀਂ ਤੇਰੇ ਵਿੱਚ
ਇੱਕ ਘਿਸੇ-ਪਿਟੇ ਤਰੀਕੇ ਨਾਲ
ਚਲਾ ਰਿਹਾ ਏ ਦੁਨੀਆਂ
ਜਿਸ ਵਿੱਚ ਕੋਈ ਨਵੀਂ ਗੱਲ ਨਹੀਂ
ਓਹੀ ਕਰਮ ਧਰਮ
ਓਹੀ ਕਾਮ,ਕ੍ਰੌਧ,ਲੋਭ,ਮੋਹ,ਹੰਕਾਰ
ਕੀ ਨਵਾਂ ਹੈ ਤੇਰੇ ਕੋਲ
ਜਿਥੇ ਮਰਜੀ ਦੇਖ ਲਓ
ਇਹੀ ਕੁਝ ਨਜਰੀਂ ਆਉਂਦਾ ਹੈ

ਕਿਸੇ ਦੇ ਕਹੇ ਦਾ
ਕੋਈ ਅਸਰ ਨਹੀਂ ਤੇਰੇ ਤੇ
ਇੱਕ ਕਰਮ ਧਰਮ ਦੇ ਨਿਯਮ ਵਿੱਚ
ਬੰਨ੍ਹ ਚਲਾ ਰਿਹਾ ਹੈ ਦੁਨੀਆਂ ਨੂੰ
ਦੁਨੀਆਂ ਡਰਦੀ ਹੈ ਤੇਰੇ ਤੋਂ
ਡਰਦੀ ਹੀ ਪਿਆਰ ਵੀ ਕਰਦੀ ਹੈ ਤੈਨੂੰ

ਮੰਗਣ ਵਾਲਿਆਂ ਦਾ
ਮੰਗਣ ਦਾ ਢੰਗ ਦੇਖ
ਮੰਗਿਆ ਮਿਲ ਜਾਂਦਾ ਹੈ
ਮਿਹਨਤ ਵਾਲਿਆਂ ਦੀ ਮਿਹਨਤ ਦੇਖ
ਨਤੀਜਾ ਨਿਕਲ ਜਾਂਦਾ ਹੈ
ਇੱਕ ਚੰਗੇ ਇਨਸਾਨ ਵਾਲੇ
ਸਾਰੇ ਗੁਣ ਨੇ ਤੇਰੇ ਵਿੱਚ
ਉਹੀ ਦਾਇਰਾ ਤੇਰਾ ਹੈ ਜੋ
ਇੱਕ ਚੰਗੇ ਇਨਸਾਨ ਦਾ ਹੈ
ਉਸ ਨੇ ਵੀ ਸਮਝ ਲਿਆ ਹੁੰਦਾ ਹੈ
ਤੇਰੇ ਵਾਂਗੂੰ ਪੂਰਨ ਠੀਕ ਤੇ ਗਲਤ ਦਾ
ਫੈਸਲਾ ਕਰਨਾ

ਜੇ ਕੋਈ ਕਹੇ ਤੇਰੇ ਵਿੱਚ ਵੀ
ਕੋਈ ਖਾਸ ਗੱਲ ਨਹੀਂ
ਤਾਂ ਕੀ ਗਲਤ ਹੋ ਜਾਵੇਗਾ

ਇੱਕ ਚੰਗਾ ਕਹਾਣੀਕਾਰ ਵੀ
ਲਿਖ ਲੈਂਦਾ ਹੈ
ਕਰਮ-ਧਰਮ,ਸੱਚ-ਝੂਠ
ਪਾਪ-ਪੁੰਨ ਦੀ ਸਮਝ ਨਾਲ ਕਹਾਣੀ
ਤੇ ਉਸ ਦਾ ਅੰਤ ਜੋ ਠੀਕ ਹੁੰਦਾ ਹੈ
ਤੇਰੀਆਂ ਕਹਾਣੀਆਂ ਦੇ ਕਿਰਦਾਰਾਂ ਦੇ ਅੰਤ ਵਾਂਗੂੰ

ਇੱਕ ਕਿਰਦਾਰ ਨਹੀਂ ਹੈ ਤੇਰੇ ਕੋਲ ਨਵਾਂ
ਹੈ ਨੇ ਤਾਂ, ਸਿਰਫ ਸਮੇਂ ਦੇ ਬਦਲਾਓ
ਨਵੀਂ ਪੇਸ਼ਕਾਰੀ ਨਵੇਂ ਅਯਾਤ ਕੀਤੇ ਸਾਧਨਾਂ ਨਾਲ
ਤਿਆਰ ਕੀਤੇ ਨਵੇਂ ਐਚ.ਡੀ ਪਰਿੰਟ
ਪਰ ਕਹਾਣੀਆਂ ਉਹੀ ਹੀਰੋ ਤੇ ਵਿਲਨ ਦੀਆਂ
ਰਾਮ ਤੇ ਰਾਵਣ ਦੀਆਂ

ਹੀਰੋ ਚੋਰ ਵੀ ਹੋ ਸਕਦਾ ਹੈ
ਤੇ ਪੁਲਿਸ ਵੀ
ਪਰ ਕਿਰਦਾਰ ਹੀਰੋ ਦਾ
ਹੀ ਚੰਗਾ ਹੈ
ਤੇ ਵਿਲਣ ਦਾ ਮਾੜਾ

ਹੋਰ ਬਹੁਤ ਕੁਝ ਲਿਖ ਸਕਦਾ ਹਾਂ
ਤੇਰੀ ਮਿਣਤੀ ਲਈ
ਪਰ ਇਹ ਵੀ ਨਵਾਂ ਨਹੀਂ ਹੋਵੇਗਾ
ਕਿਸੇ ਨੂੰ ਸਮਝ ਆ ਚੁੱਕਾ ਹੈ
ਤੇ ਕਿਸੇ ਨੇ ਲਿਖ ਦਿੱਤਾ ਹੋਵੇਗਾ

Post Author: admin