59

ਤੇਰੇ ਬਿਨਾਂ ਗੁਜਾਰਾ ਕਿੱਥੇ

ਤੇਰੀ ਹੋਂਦ ਨੂੰ ਲਿਖਣਾ
ਮੇਰੀ ਸੋਚ ਦੀ ਸੀਮਾ ਦੇ
ਸ਼ਬਦਾਂ ਤੋਂ ਬਾਹਰਾ

ਪਰ ਤੇਰੇ ਹਰ ਰੂਪ ਨੂੰ ਪਰਖਣਾ
ਮੈਨੂੰ, ਮੇਰੇ ਅਨੰਦ ਨਾਲ ਮਿਲਾਉਣਾ
ਮੇਰੇ ਹੱਥਾਂ ਦੇ ਵਿੱਚ ਜਾਦੂ ਆ ਜਾਂਦਾ
ਤੇਰੀ ਚਮਕ ਤਰਾਸ਼ਣ ਲਈ

ਕਹਿੰਦੇ ਨੇ ਤੈਨੂੰ ਫੜਿਆ
ਨਹੀਂ ਜਾ ਸਕਦਾ
ਪਰ ਤੂੰ ਐਸੀ ਸੋਚ ਦਾ ਰੂਪ
ਧਾਰਨ ਕਰਦਾ ਏਂ
ਆਪੇ ਬੰਨ੍ਹ ਹੋ ਜਾਂਦਾ ਏਂ
ਤੇ ਆਪੇ ਮੈਨੂੰ ਵੀ ਲਪੇਟ ਲੈਂਦਾ ਏਂ
ਆਪਣੀ ਬੁੱਕਲ ਦੇ ਵਿੱਚ

ਖਿਆਲ ਸ਼ਬਦਾਂ ਨੂੰ ਮੂੰਹ ਫੜਦੇ ਨਹੀਂ ਦਿੰਦੇ
ਮੈਂ ਦਿਲ ਦਿਮਾਗ ਤੋਂ
ਰੋਕਣ ਦੀ ਕੋਸ਼ਿਸ਼ ਕਰਦਾ ਹਾਂ
ਮੇਰਾ ਵੱਸ ਨਹੀਂ ਰਹਿੰਦਾ
ਤੇਰਾ ਅਕਾਰ ਤੇਰੇ ਭੁੱਖਿਆਂ ਦੀ
ਨਜਰੀਂ ਆਉਣ ਲੱਗਦਾ ਏ

ਆਪੇ ਆਪਣਾ ਆਪ ਹੋ
ਮੇਰੀ, ਮੈਂ, ਮੈਨੂੰ ਸੌਂਪ ਅਲੋਪ ਹੋ
ਮੈਂ ਤੇ ਤੂੰ ਦਾ ਵਿਵਾਦ ਖਤਮ ਕਰ
ਮੈਂ ਜ਼ਮੀਨ ਤੇ ਤੂੰ ਅੰਬਰੀ ਦਾ ਮਿਲਾਪ
ਸਾਹਾਂ ਤੋਂ ਬਿਨਾਂ ਹੀ ਕਰਵਾ ਦਿੰਦਾ ਏਂ

ਫੜਨਾ ਤੇ ਛੱਡਣਾ ਹੱਥਾਂ ਦੀ ਪਕੜ
ਮੇਰੇ ਜਿਸਮ ਨੇ ਸਿੱਖ ਲਿਆ ਹੋਵੇ ਭਾਵੇਂ
ਮੇਰੇ ਹੱਥਾਂ ਤੇ ਮੇਰਾ ਕਬਜ਼ਾ
ਤੇਰੇ ਕੋਲੇ ਕਿਵੇਂ ਪਹੁੰਚ ਜਾਂਦਾ ਏ
ਇੱਕ ਪਲ ਦਾ ਅਹਿਸਾਸ
ਸਦੀਆਂ ਤੋਂ ਲੰਬਾ

ਪ੍ਰਕਾਸ਼ ਨਾਲ ਕਿਰਨ ਦਾ ਮੇਲ
ਸੂਰਜ ਵੱਲ ਨੰਗੀਆਂ
ਅੱਖਾਂ ਨਾਲ ਦੇਖਣਾ
ਅੱਖਾਂ ਤਾਂ ਉਸ ਸੇਕ ਤੱਕ
ਪੱਕ ਚੁੱਕੀਆਂ ਨੇ
ਜਿੱਥੇ ਅੱਗ ਦਾ ਅਸਰ ਨਹੀਂ ਹੁੰਦਾ

ਆਇਓ ਵੀ ਤੇ ਚਲਾ ਵੀ ਗਿਓ
ਮੈਂ ਫਿਰ ਇਕੱਲੇ ਦਾ ਇਕੱਲਾ
ਤੇਰੀਆਂ ਯਾਦਾਂ ਮਾਨਣ ਲਈ
ਆਪਣੇ ਸ਼ਬਦ ਆਪ ਲਿਖੇਂ
ਤੇ ਮੈਂ ਆਪਣੇ ਸ਼ਬਦਾਂ ਨਾਲ ਲੜਦਾ ਫਿਰਾਂ
ਤੈਨੂੰ ਪੂਰੇ ਨੂੰ ਪੂਰਾ ਕਰਨ ਲਈ

ਹਜਾਰਾਂ ਮੀਲ ਦੀ ਦੋੜ ਪੂਰੀ ਕਰ
ਸਾਹੋ-ਸਾਹੀ ਹੋ
ਇੱਕੋ ਮਿੰਟ ਵਿੱਚ ਥਕਾਨ ਲਹਿੰਦੀ
ਦੇਖੀ ਨਹੀਂ ਹੋਣੀ ਕਿਸੇ ਨੇ

ਪਤਾ ਨਹੀਂ “ਤੂੰ” ਕਿਹੜੀ
ਮਿੱਟੀ ਦਾ ਬਣਿਆ ਏਂ
ਨਾ ਅਕਾਰ ਲੈਂਦਾ ਏਂ
ਤੇ ਨਾ ਅਕਾਰ ਛੱਡਦਾ ਏਂ
ਨਾ ਰੂਪ ਦਿਖਾਉਂਦਾ ਏਂ
ਤੇ ਨਾ ਅੱਖੋਂ ਓਹਲੇ ਹੁੰਦਾ ਏਂ

ਸਾਰਿਆਂ ਦਾ ਆਪਣਾ ਆਪਣਾ
ਰੱਬ,ਖ਼ੁਦਾ, ਅੱਲਾ , ਗੋਡ, ਵਾਹਿਗੁਰੂ
ਫਿਰ ਵੀ ਮੇਰੇ ਵਾਂਗੂੰ ਇੱਕੋ ਹੀ
ਇਕੱਲੇ ਦਾ ਇਕੱਲਾ

ਆ ਜਾ ਮੇਰਾ ਤਰਲਾ ਮੰਨ ਲੈ
ਵਾਰੀ ਵੰਡ ਲਈਏ
ਤੂੰ ਹੋਵੇ ਤੇ ਤੂੰ ਹੀ ਹੋਵੇ
ਮੈਂ ਹੋਵਾਂ ਤਾਂ ਮੈਂ “ਤੂੰ” ਹੋਵਾਂ

ਵਿਆਹੀ ਨਾਰ ਦਾ
ਸ਼ੌਹਰ ਘਰ ਨਾ ਹੋਵੇ
ਤੇ ਨਾਰ ਵੀ ਸ਼ੌਹਰ ਤੋਂ ਬਿਨਾਂ
ਭੁੱਖੀ ਸੋਵੇ
ਦੱਸ ਖਾਂ ਗੁਜਾਰਾ ਕਿੱਥੇ

ਸਭ ਕੁਝ ਹੋਵੇ
ਤੇਰੇ ਬਿਨਾਂ ਮਾਨਣ ਨੂੰ ਜੀ ਨਾ ਕਰੇ
ਦੱਸ ਸੁਹਾਗਣ ਦਾ ਗੁਜਾਰਾ ਕਿੱਥੇ

ਕੰਤ ਹੋਵੇ ਸਾਵਣ ਦਾ ਮਹੀਨਾ ਹੋਵੇ
ਬਰਸਾਤ ਹੋਵੇ, ਹਰ ਪਾਸੇ ਹਰਿਆਲੀ ਹੋਵੇ
ਤੂੰ ਨਾ ਹੋਵੇ ਤਾਂ ਮੇਰਾ ਸ਼ਿੰਗਾਰ ਕਿੱਥੇ

ਹੁਣ ਜੇ ਜਾਵੀਂ
ਤਾਂ ਮੈਨੂੰ ਨਾਲ ਲੈ ਕੇ ਜਾਵੀਂ
ਮੇਰਾ ਤੇਰੇ ਬਿਨਾਂ ਗੁਜਾਰਾ ਕਿੱਥੇ
ਮੇਰਾ ਤੇਰੇ ਬਿਨਾਂ ਗੁਜਾਰਾ ਕਿੱਥੇ

Post Author: admin