19

ਥਰੀਡਿਮੈਂਸ਼ਨਲ ਦੁਨਿਆਵੀ ਰੱਬ

ਪਰਮਾਤਮਾ ਦੀ ਦੁਨਿਆਵੀ ਕੀਰਤੀ ਬਣਾਉਣ ਲਈ
ਦੁਨਿਆਵੀ ਲੋਕਾਂ ਨੂੰ ਤਿੰਨ ਤਰਾਂ ਦੀਆਂ ਲੋੜਾਂ ਹਨ
ਜਿਹਨਾਂ ਦੀ ਪੂਰਤੀ ਅਵਤਾਰੀ ਪਰਦਾਨ ਕਰਦਾ ਹੈ

ਗਿਆਨ ਦੇ ਸੋਮੇ ਦੀ ਖੋਜ ਕਰਦਾ ਕਰਦਾ ਅਵਤਾਰੀ
ਸਹੀ ਤੇ ਗਲਤ ਦੇ ਫੈਸਲਿਆਂ ਤੇ ਜਦੋਂ ਪਹੁੰਚ ਜਾਂਦਾ ਹੈ
ਤਾਂ ਭਾਵਨਾਤਮਕ ਪੱਖ ਅਵਤਾਰੀ ਦੀ ਮਦਦ ਕਰਦੇ ਹਨ
ਨਤੀਜਿਆਂ ਤੇ ਪਹੁੰਚਣ ਲਈ

ਦੁਨਿਆਵੀ ਇਨਸਾਨ ਦੀਆਂ ਲੋੜਾਂ, ਸਦਾ ਹੀ ਦੁਨਿਆਵੀ ਹਨ
ਇੱਕ ਇਨਸਾਨ ਚਾਹੁੰਦਾ ਹੈ
ਪਰਮਾਤਮਾ ਨੂੰ ਸਮਝਣ ਲਈ
ਤਿੰਨ ਕੇਂਦਰ ਬਿੰਦੂ
ਰੂਪ,ਸ਼ਬਦ ਅਤੇ ਧੁਨੀ (ਲੀਨਤਾ ਲਈ)

ਸਾਰੀ ਦੁਨੀਆਂ ਵਿੱਚ ਜਿਸ ਸਥਾਨ ਤੇ ਪਰਮਾਤਮਾ ਨੂੰ ਮੰਨਿਆ
ਜਾਂ ਪੂਜਿਆ ਜਾਂਦਾ ਹੈ
ਉੱਥੇ ਪਰਚਲਿਤ ਹਨ
ਉਸ ਦੇ ਰੂਪ ਨੂੰ ਦਰਸਾਉਂਦੀਆਂ
ਤਸਵੀਰਾਂ,ਉਚਾਰਨ ਲਈ ਸ਼ਬਦ,ਤੇ ਸੁਣ ਕੇ ਲੀਨ ਹੋਣ ਲਈ ਧੁਨੀਆਂ
ਹਰ ਅਵਤਾਰੀ ਆਪਣੀ ਤੀਖਣ ਬੁੱਧੀ ਨਾਲ ਇਹ ਤਿੰਨ ਚੀਜਾਂ ਦੀ ਉਤਪਤੀ
ਉਸ ਸਥਾਨ ਦੀ ਲੋੜ ਤੇ ਉਹਨਾਂ ਦੀ ਬਣਤਰ ਅਨੁਸਾਰ ਕਰਦਾ ਹੈ

ਅਵਤਾਰੀ ਦੀ ਖੋਜ ਦੇ ਨਤੀਜੇ
ਉਸ ਨੂੰ ਉਹ ਗਿਆਨ ਪਰਦਾਨ ਕਰਦੇ ਹਨ
ਜਿਸ ਗਿਆਨ ਨਾਲ
ਉਹ ਉਸ ਸਥਾਨ ਦੀ ਲੋੜ ਮੁਤਾਬਕ
ਭਾਸ਼ਾ ਪਹਿਰਾਵੇ ਅਤੇ ਰਹਿਣ ਸਹਿਣ ਦੇ ਅਧਾਰ ਤੇ
ਇਹ ਤਿੰਨੇ ਲੋੜਾਂ ਨੂੰ ਬਣਤਰ ਦੇ ਲੈਂਦਾ ਹੈ

ਆਮ ਇਨਸਾਨ ਦੀ ਲੋੜ ਹੈ
ਪਰਮਾਤਮਾ ਤੋਂ ਆਪਣੀ ਲੋੜ ਪੂਰਤੀ ਕਰਨੀ
ਅਵਤਾਰੀ ਜਾਣਦਾ ਹੈ ਆਪਣੇ ਤਿੰਨਾਂ
ਉਪਕਰਨਾਂ ਦੁਆਰਾ ਪ੍ਰੇਮ ਤੱਕ ਪਹੁੰਚਣਾ
ਪ੍ਰੇਮ ਤੇ ਭਾਵਨਾ ਦੇ ਮੇਲ ਨਾਲ ਲੋੜ ਪੂਰਤੀ ਦਾ ਰਾਹ ਬਣਾਉਣਾ

ਪਰਮਾਤਮਾ ਦੀ ਕਰਮ ਧਰਮ ਨੀਤੀ
ਭਾਵੇਂ ਸਾਰੀ ਦੁਨੀਆਂ ਨੂੰ ਚਲਾ ਰਹੀ ਹੈ
ਪਰ ਇਸ ਵਿੱਚ ਪਰਮਾਤਮਾ ਦੀ ਹੋਂਦ ਦਾ ਸਥਿਰ ਰਹਿਣਾ
ਇਸ ਵਿਚਲੇ ਭਾਵਨਾ ਤੇ ਪ੍ਰੇਮ ਦੇ ਨਤੀਜਿਆਂ ਦਾ ਹੀ ਕਾਰਨ ਹੈ
ਉਸ ਦੀ ਹੋਂਦ ਲੋਕ ਕਰਮ-ਧਰਮ ਦੇ ਬੰਧਨ ਵਿੱਚ
ਉਸ ਸਮੇਂ ਮਹਿਸੂਸ ਕਰਦੇ ਹਨ
ਜਦੋਂ ਪ੍ਰੇਮ ਅਤੇ ਭਾਵਨਾ ਦੇ ਮੇਲ ਨਾਲ ਇਨਸਾਨ ਪਰਮਾਤਮਾ ਨੂੰ ਚਿਤਵਦਾ ਹੈ
ਸਮੇਂ ਦੀਆਂ ਕਿਰਿਆਵਾਂ ਨਾਲ ਅੰਤਰ ਮਨ ਨੂੰ ਇਕਾਗਰ ਕਰਨਾ
ਉਸ ਦੇ ਨਾਲ ਆਪਣਾ ਤਾਰ ਜੋੜ ਲੈਣਾ
ਉਸ ਨੂੰ ਆਪਣੀ ਪੁਕਾਰ ਸੁਣਾਉਣਾ
ਇਹ ਦੁਨਿਆਵੀ ਕਰਮ ਧਰਮ ਦੇ ਨਿਯਮਿਤ ਤਰੀਕੇ ਹਨ

ਅਵਤਾਰੀ ਦੀ ਲਿਖਤ ਸਮਾਜਿਕ ਸਿਰਜਣਾ
ਪਰਮਾਣਿਤ ਰੂਪ ਵਿੱਚ ਪਰਵਾਨ ਹੋਣ ਕਾਰਨ
ਅਵਤਾਰੀ ਦੁਆਰਾ ਕੀਤੇ ਜਾਂਦੇ ਕਾਰਜ
ਹਮੇਸ਼ਾ ਹੀ ਪਰਮਾਤਮਾ ਦੀ ਹੋਂਦ ਦਾ ਪਰਗਟਾਵਾ ਕਰਦੇ ਹਨ
ਇਹ ਉਹ ਕਿਰਿਆਵਾਂ ਬਣਦੀਆਂ ਹਨ ਜਿਸ ਨਾਲ
ਉਸ ਨੂੰ ਪ੍ਰੇਮ ਰਸ ਵਿੱਚ ਯਾਦ ਕੀਤਾ ਜਾਂਦਾ ਹੈ
ਭਾਵਨਾਤਮਕ ਪੱਖ ਤੇ ਜਾ ਕੇ ਇਹ ਕਾਰਜ
ਲੋੜ ਪੂਰਤੀ ਦੇ ਨਤੀਜਿਆਂ ਤੱਕ ਦੀ ਪਹੁੰਚ ਵੀ ਬਣਦੇ ਹਨ

ਅਵਤਾਰੀ ਦੀ ਇਹ ਥਰੀਡਿਮੈਂਸ਼ਨਲ ਨੀਤੀ
ਪ੍ਰੇਮਆਤਮਕ ਹੈ:- ਪ੍ਰੇਮ ਰਸ ਪੈਦਾ ਕਰਦੀ ਹੈ
ਉਚਾਰਨਵਾਦੀ ਹੈ:- ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨੂੰ ਯਾਦ ਕਰਨ ਲਈ ਧੁਨੀ ਪਰਦਾਨ ਕਰਦੀ ਹੈ
ਬਣਤਰਵਾਦੀ ਹੈ:- ਬਹੁਤ ਸਾਰੇ ਅਵਤਾਰੀ ਬਣਤਰ ਦੇ ਰੂਪ ਵਿੱਚ ਆਪਣੀ ਸੋਚ ਦੇ ਅਧਾਰ ਤੇ ਇੱਕ ਤਸਵੀਰ ਜਾਂ ਚਿੰਨ੍ਹ ਲੋਕਾਂ ਨੂੰ ਪਰਦਾਨ ਕਰਦੇ ਹਨ ਜੋ ਲੋਕਾਂ ਦੀ ਸੋਚ ਵਿੱਚ ਪਰਮਾਤਮਾ ਦਾ ਰੂਪ ਬਣ ਅੰਤਰ ਮਨ ਵਿੱਚ (ਇਮੈਜਨ) ਧਾਰਨ ਕਰਨ ਦੇ ਕੰਮ ਆਉਂਦਾ ਹੈ

ਦੁਨੀਆਂ ਦੇ ਬਹੁਤ ਸਾਰੇ ਗਿਆਨਵਾਨ ਲੋਕ ਪੂਰਨ ਅਵਤਾਰੀ ਨਹੀਂ ਬਣ ਸਕੇ
ਉਸ ਦਾ ਮੂਲ ਕਾਰਨ ਇਹੀ ਸੀ ਕਿ ਉਹ
ਇਹਨਾਂ ਤਿੰਨ ਸਾਧਨਾ ਦੀ ਖੋਜ ਪੂਰਨ ਨਹੀਂ ਕਰ ਸਕੇ
ਇਨਸਾਨ ਦੀ ਮਨੌਤ ਪਰਮਾਤਮਾ ਪ੍ਰਤੀ ਉਸ ਸਮੇਂ ਹੀ ਪੂਰਨ
ਹੁੰਦੀ ਹੈ ਜਦੋਂ ਉਹ ਪਰਮਾਤਮਾ ਦੇ ਨਾਮ ਲਈ ਕਿਸੇ ਸ਼ਬਦ ਦਾ
ਉਚਾਰਨ ਕਰ ਸਕੇ ਅੰਤਰ ਧਿਆਨ ਲਈ ਕਿਸੇ ਤਸਵੀਰ ਨੂੰ ਸੋਚ ਸਕੇ
ਤੇ ਤੀਸਰੀ ਉਹ ਧੁਨੀ ਜਿਸ ਨਾਲ ਉਹ ਪ੍ਰੇਮ ਰਸ ਉਤਪੰਨ ਹੋਵੇ
ਜੋ ਇਨਸਾਨ ਨੂੰ ਪਰਮਾਤਮਾ ਨਾਲ ਜੋੜਨ ਵਿੱਚ ਮਦਦ ਕਰੇ

ਇਹੀ ਹੈ (ਥਰੀਡਿਮੈਂਸ਼ਨਲ) ਦੁਨੀਆਂ ਦੇ ਰੱਬ ਦਾ ਅਵਤਾਰੀਆਂ ਦੁਆਰਾ ਖੋਜਿਆ ਹੋਇਆ ਰੂਪ
ਜੋ ਪਰਚਲਿਤ ਹੈ ਦੁਨੀਆਂ ਦੇ ਹਰ ਕੋਨੇ ਵਿੱਚ ***

Post Author: admin