146

ਦੂਸਰਾ ਜਨਮ

ਤੂੰ ਸੱਚ ਹੈਂ ਜਾਂ ਝੂਠ
ਸ਼ਬਦਾਂ ਤੇ ਬੋਲਾਂ ਦੇ
ਜਾਣਕਾਰ ਹੀ ਜਾਣਦੇ ਨੇ
ਭਾਸ਼ਾ ਕਦੇ ਅਰਥੀ ਹੁੰਦੀ ਹੈ
ਤੇ ਕਦੇ ਬੇਅਰਥੀ ਵੀ ਹੁੰਦੀ ਹੈ

“ਸੋਚ” ਲੋੜ ਵੀ ਹੁੰਦੀ ਹੈ
ਤੇ ਨਿਯਮ ਵੀ ਹੁੰਦੀ ਹੈ
ਸਾਰੇ ਨਿਯਮ ਬੰਧਨ ਵਿੱਚ ਹਨ
ਬੰਧਨਾਂ ਨੂੰ ਨਿਯਮਾਂ ਵਿੱਚ ਬੰਨ੍ਹਣਾ
ਤੇਰੀ ਖੋਜ ਕਰਨਾ
ਪੂਰਨ ਸੱਚ ਕਰਨਾ
ਅਰਥ ਭਰਪੂਰ ਕਰਨਾ
ਕਲਪਨਾ ਦਾ ਸਹਾਰਾ ਲੈਣਾ
ਕਿਸਨੂੰ ਮਿਲਣਾ
ਤੇ ਕਿਸ ਨੂੰ ਬਿਨਾ ਮਿਲਿਆਂ
ਚੱਲਿਆ ਜਾਣਾ
ਇਹ ਸ਼ਬਦਾਂ ਦਾ ਦਾਇਰਾ ਹੈ

ਗੱਲ ਸ਼ੁਰੂ ਤੋਂ ਸ਼ੁਰੂ ਹੋ
ਸਾਰੇ ਰਾਹੇ ਘੁੰਮ
ਫਿਰ ਘੁੰਮ ਕੇ ਉਸੇ ਕੇਂਦਰ ਤੇ

ਕੇਂਦਰ ਬਿੰਦੂ ਦਾ ਘੇਰਾ
ਮਿਣਨ ਲਈ ਭਾਸ਼ਾ ਪੂਰਨ ਨਹੀਂ
ਸੋਚ ਵੀ ਪੂਰਨ ਨਹੀਂ
ਲਿਖਤ ਵੀ ਪੂਰਨ ਨਹੀਂ
ਮੌਤ ਵੀ ਪੂਰਨ ਨਹੀਂ
ਜੀਵਨ ਵੀ ਪੂਰਨ ਨਹੀਂ
ਦੁਬਾਰਾ ਲਿਆ ਜਨਮ
ਵੀ ਪੂਰਨ ਨਹੀਂ

ਅਗਲੇ ਜੀਵਨ ਦੀ ਪੂਰਨਤਾ
ਅਗਲਾ ਅੰਤ ਕਦੋਂ ਬਣੇਗੀ
ਸਦੀਆਂ ਤੇ ਅੰਤ ਹੀ
ਮਿਣਦੇ ਨੇ ਗੋਲ ਘੇਰੇ ਦੇ
ਕੇਂਦਰ ਬਿੰਦੂ ਨੂੰ

ਅਗਲਾ ਕੋਨਾ ਜਾਂ ਸਿਰਾ
ਗੋਲ ਚੱਕਰ ਦਾ ਨਹੀਂ ਹੁੰਦਾ
ਇਹ ਵੀ ਉਹ ਹੈ
ਜਿਸਦਾ ਸ਼ੁਰੂ ਅੰਤ ਨਹੀਂ ਹੁੰਦਾ

ਇਹ ਰਚਨਾ ਦੋ ਰੰਗਾਂ ਦੀ ਹੈ
ਕਿਉਂਕਿ ਪਹਿਲੇ ਰੰਗ ਤੇ
ਪਹਿਲਾ ਜੀਵਨ ਖਤਮ ਹੋ ਗਿਆ ਸੀ
ਦੂਸਰਾ ਰੰਗ ਦੂਸਰੇ ਜੀਵਨ ਦਾ ਹੈ

Post Author: admin