108

ਧਰਮਰਾਜ ਤੋਂ ਛੁਟਕਾਰਾ

 

ਰੱਬ ਦੇ ਕਤਲ ਤੋਂ ਬਾਅਦ

ਮੈਂ
ਖੁਸ਼ ਬਹੁਤ ਸੀ

ਸੋਚਣ ਲੱਗਾ
ਹੁਣ ਤਾਂ ਕੋਈ ਖਤਰਾ ਨਹੀਂ
ਕਿਸੇ ਕਿਸਮ ਦਾ

ਕਿਸੇ ਕਹਿ ਦਿੱਤਾ
ਤੇਰਾ ਲੇਖਾ-ਜੋਖਾ
ਧਰਮਰਾਜ ਕੋਲੇ ਹੋ ਰਿਹਾ ਹੈ

ਹੁਣ ਇਹ ਨਵਾਂ ਪੰਗਾ ਸੀ
ਮੇਰੀ ਜਾਨ ਨੂੰ

ਇਸ ਨੂੰ ਤਾਂ ਮੈਂ
ਕਦੇ ਮਿਲਿਆ ਹੀ ਨਹੀਂ
ਇਸ ਬਾਰੇ ਤਾਂ ਕੁਝ ਵੀ ਨਹੀਂ ਜਾਣਦਾ

ਰੱਬ ਨਾਲ ਤਾਂ ਸਾਰੇ ਰਿਸ਼ਤੇ
ਨਿਭਾਏ ਸਨ
ਉਸ ਦਾ ਚੰਗਾ ਮਾੜਾ ਜਾਣਦਾ ਸੀ

ਸੋਚਾਂ,ਵਿਚਾਰਾਂ
ਭਾਲ ਵੀ ਤੁਰ ਪਈ
ਕੋਈ ਕੁਝ ਦੱਸੇ ਕੋਈ ਕੁਝ

ਸਮਾਂ ਪਾ ਕੇ
ਇੱਕ ਗੱਲ ਤਾਂ
ਸਮਝ ਆ ਗਈ ਹੈ
ਇਹ ਵੀ ਮੇਰੇ ਨੇੜੇ-ਤੇੜੇ
ਰਹਿੰਦਾ ਹੈ ਕਿਤੇ

ਮੈਂ ਗਲਤ ਕੰਮ ਕਰਦਾ
ਇਹ ਨੋਟ ਕਰ ਲੈਂਦਾ
ਮੇਰੀਆਂ ਸੋਚਾਂ ਵਿੱਚ ਆ ਕੇ
ਮੈਨੂੰ ਤੰਗ ਕਰਨ ਲਗ ਜਾਂਦਾ

ਇਹਦਾ ਇਲਾਜ ਕੀ ਕਰਾਂ?

ਇੱਕ ਦਿਨ ਪਤਾ ਲੱਗ ਗਿਆ
ਇਹ ਤਾਂ ਮੇਰੇ ਹੀ ਅੰਦਰ
ਲੁਕਿਆ ਬੈਠਾ ਸੀ

ਬੱਸ ਫਿਰ ਕੀ ਸੀ
ਕੱਢ ਲਿਆ ਬਾਹਰ
ਸਾਰੇ ਵਰਕੇ ਖੋਹ ਲਏ
ਪਾੜ ਦਿੱਤੇ
ਨਾਲੇ ਪੁੱਛਿਆ
ਹੁਣ ਦਸ ਤੇਰੀ ਕੀ ਸਲਾਹ ਹੈ
ਤੈਨੂੰ ਪਤਾ ਹੈ
ਰੱਬ ਦਾ ਕੀ ਕੀਤਾ ਮੈਂ

ਹੁਣ ਕਰੇਂਗਾ ਤੰਗ ਮੈਨੂੰ?

ਤਰਲੇ ਮਿੰਨਤਾਂ ਕਰਨ ਲੱਗਾ
ਅੱਗੇ ਤੋਂ ਪੰਗੇ ਨਹੀਂ ਲੈਂਦਾ
ਮੇਰੀ ਤੋਬਾ

ਮੈਂ ਕਿਹਾ ਕਰੇਂਗਾ ਤੰਗ
ਲੋਕਾਂ ਨੂੰ
ਕਹਿਣ ਲੱਗਾ
ਜਿਹਨਾਂ ਕਾਬੂ ਪਾ ਲਿਆ
ਆਪਣੇ ਆਪ ਤੇ
ਮੈਂ ਉਹਨਾਂ ਤੋਂ ਡਰਦਾ ਹਾਂ
ਬਾਕੀਆਂ ਨੂੰ ਡਰਾਉਣ ਦੀ
ਡਿਊਟੀ ਹੈ ਮੇਰੀ
ਉਹ ਤਾਂ ਕਰਨੀ ਹੀ ਪੈਣੀ ਹੈ ਮੈਨੂੰ

ਤੇਰੇ ਨੇੜੇ ਨਹੀਂ ਆਉਂਦਾ
ਅੱਗੇ ਤੋਂ ……

Post Author: admin