147

ਪਰਪਾਕ ਪਾਕਕ

ਅੱਜ ਆਤਮਾ ਦੇ ਨਾਲ ਨਾਲ
ਸਰੀਰ ਨੂੰ ਵੀ ਤਾਪ ਹੈ
ਤੜਫ ਰਿਹਾ ਹਾਂ
ਅੱਗ ਦੇ ਸੇਕ ਵਿੱਚ

ਦੋਹਾਂ ਦਾ ਹੀ ਦਰਦ ਹੈ
ਮੇਰੇ ਹੀ ਲਈ

ਕਾਗਜਾਂ ਤੇ ਉਤਾਰ ਦਿਆਂ
ਸਰੀਰ ਤੇ ਆਤਮਾ
ਦੋਹਾਂ ਦੀ ਅੱਗ ਨੂੰ

ਇਹ ਵੀ ਤਾਂ ਓਹੀ ਸ਼ਬਦ ਨੇ
ਜੋ ਸੇਕ ਦੀ ਉਪਜ ਨੇ
ਜੋ ਸੇਕ ਤੋਂ ਬਣਦੇ ਨੇ
ਤੇ ਲਾਲ ਹੁੰਦੇ ਨੇ

ਨੀਲੀ ਲਾਟ ਵਾਲਾ ਸੇਕ
ਜਿਸਮ ਨਹੀਂ ਸਹਾਰਦਾ
ਤੇ ਲਾਲ ਲਾਟਾਂ
ਇੱਕੋ ਦਮ ਸਵਾਹ ਨਹੀਂ ਕਰਦੀਆਂ

ਜਿਸਮ ਪਕਾਉਣ ਲਈ
ਤੇ ਆਤਮਾ ਪਕਾਉਣ ਲਈ
ਲਾਲ ਸੇਕ ਚੁਣਿਆ ਏ
ਪਰਪਾਕ ਪਾਕਕ ਨੇ

ਮਿਲਾਪ ਉਸ ਦਾ
ਲਾਲ ਲਾਟ ਤੇ ਪੱਕ ਕੇ ਹੈ
ਜਿਸਮ ਸੜਦਾ ਨਹੀਂ
ਭੁੱਜਦਾ ਹੈ

ਆਤਮਾ ਸਰੀਰ ਦੇ ਵਿੱਚ
ਰਿੱਜਦੀ ਹੈ,ਉਬਾਲੇ ਲੈਂਦੀ ਹੈ
ਪਾਣੀ ਦੀ ਤਰਾਂ

ਪਾਣੀ ਹੀ ਪਾਣੀ ਵਿੱਚ ਰਲਦਾ ਹੈ
ਸਾਫ ਇਸ ਲਈ ਕੀਤਾ ਜਾਂਦਾ ਹੈ
ਕਿਉਂਕਿ ਸ਼ੁੱਧਤਾ,ਨਿਰਮਲਤਾ
ਉਸ ਦੇ ਰੂਪ ਹਨ

Post Author: admin