152

ਮੌਤ ਨਾਲ ਮੁਲਾਕਾਤ

ਰਾਤੀਂ ਮੌਤ ਨੂੰ ਮਿਲਿਆ
ਆਪਣੇ ਰੰਗ ਵਿੱਚ ਸੀ
ਡਰਾਉਂਦੀ ਫਿਰਦੀ ਸੀ
ਸਾਰਿਆਂ ਨੂੰ

ਮੈਂ ਵੀ ਆਪਣੇ ਮੂਡ ਵਿੱਚ ਸੀ
ਛੇੜੇ ਬਿਨਾ ਰਹਿ ਨਾ ਸਕਿਆ

ਇਨਸਾਨ ਦੇ ਸਵਾਲਾਂ ਤੋਂ ਬਚਣਾ
ਤੇ ਚੁੱਪੀ ਵੱਟ ਲੰਘ ਜਾਣਾ
ਸੌਖਾ ਨਹੀਂ ਹੁੰਦਾ

ਹੰਕਾਰੀ ਤਾਂ ਆਪ ਆ ਅੜਦਾ ਏ
ਉਸ ਉੱਤੇ ਉਂਗਲ ਕੀਤਿਆਂ

ਮੈਂ ਵੀ ਪੁੱਛ ਹੀ ਲਿਆ
ਹੈ ਤੇਰਾ ਕੋਈ ਦੀਨ-ਇਮਾਨ
ਕਰਦੀ ਏ ਘਾਟਾ-ਵਾਧਾ ਕਿਸੇ ਨਾਲ
ਬਖਸ਼ਦੀ ਏ ਕਿਸੇ ਨੂੰ
ਜਾਂ ਆਪ ਮੁਹਾਰੀ ਤੁਰੀ ਫਿਰਦੀ ਏ
ਕੀ ਕੋਈ ਗੁਣ ਵੀ ਹੈ ਤੇਰੇ ਵਿੱਚ

ਖਿੱਝ ਗਈ
ਕਹਿਣ ਲੱਗੀ
ਇਨਸਾਨ ਤੋਂ ਤਾਂ ਚੰਗੀ ਹਾਂ ਮੈਂ
ਆਪਣਾ ਪਰਾਇਆ ਨਹੀਂ ਕਰਦੀ
ਵੱਡਾ-ਛੋਟਾ ਨਹੀਂ ਦੇਖਦੀ
ਮਾੜਾ ਚੰਗਾ ਨਹੀਂ ਦੇਖਦੀ

ਤੇ ਕਹਿੰਦੀ
ਤੂੰ ਏ ਮਾੜਾ ਤਾਂ
ਆਪਣੇ ਦੇਖ ਤੜਫਦਾ ਏ
ਪਰਾਏ ਤੋਂ ਪਹਿਲਾਂ ਆਪਣਾ ਸੋਚਦਾ ਏ
ਅੰਦਰੋਂ-ਅੰਦਰੀ ਪਤਾ ਨਹੀਂ
ਕੀ ਕੀ ਕਰਦਾ ਏ

ਮੈਨੂੰ ਛੱਡ
ਮੁੱਖ ਮੋੜ
ਚਲੀ ਤਾਂ ਗਈ
ਮੇਰੇ ਕੋਲੋਂ
ਪਰ ਫਿਰ ਵੀ ਆਪਣਾ ਕਰਮ
ਕਰ ਹੀ ਗਈ

ਮਾਰ ਗਈ
ਮੇਰੇ ਅੰਦਰੋਂ
ਆਪਣਾ ਪਰਾਇਆ
ਛੋਟਾ ਵੱਡਾ
ਮਾੜਾ ਚੰਗਾ

Post Author: admin