73

“ਰੱਬ” ਦਾ ਧਰਮ ਕੀ ?

“ਰੱਬਾ”
ਤੇਰਾ ਧਰਮ ਕੀ ?

ਜਦੋਂ ਜਦੋਂ ਤੈਨੂੰ ਮਿਲਿਆ
ਤੇਰੇ ਕੱਪੜੇ , ਤੇਰਾ ਰੰਗ ਢੰਗ ਦੇਖਿਆ
ਤੇਰੀ ਬੋਲ ਬਾਣੀ
ਤੇਰੀ ਰਹਿਣੀ ਸਹਿਣੀ ਦੇਖੀ
ਤੇਰੀ ਪਰਖ ਤੇ ਲੱਗਾ

ਤੈਨੂੰ ਕਦੇ ਇੱਕੋ
ਰੰਗ ਦੇ ਕੱਪੜੇ ਪਾਏ ਨਹੀਂ ਦੇਖੇ
ਬੰਧਨਾਂ ਵਿੱਚ ਬੰਨੇ ਨਹੀਂ ਦੇਖਿਆ
ਤੇਰੀ ਬੋਲੀ ਦੀ ਮਿਠਾਸ ਬੜੀ
ਵਾਰੀ ਦੇਖੀ ਮੈਂ
ਪਰ ਇੱਕੋ ਬੋਲੀ ਵਿੱਚ
ਬੋਲਦਿਆਂ ਕਦੇ ਨਹੀਂ ਦੇਖਿਆ
ਮੇਰੇ ਨਾਲ ਗੱਲਾਂ ਕਰਦਾ ਏ ਤਾਂ
ਮੇਰੀ ਬੋਲੀ ਬੋਲਦਾ ਏਂ
ਆਉਂਦੀ ਹਰ ਬੋਲੀ ਹੈ “ਤੈਨੂੰ”

ਰਹਿਣੀ ਸਹਿਣੀ ਦੀ ਗੱਲ ਕਰਾਂ ਤੇਰੀ
ਵਿਸ਼ਾਲ ਹੈ ਵਿਸ਼ਾਲਤਾ ਤੇਰੀ
ਮਿਣੀ ਨਹੀਂ ਜਾਂਦੀ
ਕਰਮ,ਧਰਮ ਤੇ ਭਾਵਨਾ
ਬੜੀਆਂ ਪਿਆਰੀਆਂ ਨੇ ਤੈਨੂੰ
ਸਾਰੇ ਫੈਸਲੇ ਕਰਮ,ਧਰਮ ਤੇ ਭਾਵਨਾ
ਦੇ ਦਾਇਰੇ ਵਿੱਚ ਹੀ ਹਲ ਕਰ ਦਿੰਦਾ ਏਂ

ਗੁੱਸਾ ਕੋਈ ਨਹੀਂ ਤੇਰੇ ਵਿੱਚ
ਕਰਮ ਤੇ ਧਰਮ ਦੀ ਖੇਡ
ਸਾਰਿਆਂ ਨੂੰ ਲਾਈ ਬੈਠਾ ਏਂ

ਤੈਨੂੰ ਮੰਨਣ ਤੇ ਜਾਨਣ ਵਾਲੇ
ਇਸ ਖੇਡ ਦੇ ਸਾਰੇ ਨਿਯਮ ਜਾਣਦੇ ਨੇ
ਆਪਣੀ ਹਾਰ ਤੇ ਜਿੱਤ ਲਈ
ਫੈਸਲਾ ਤੇਰੇ ਕੋਲੇ ਲੈਣ ਨਹੀਂ ਆਉਂਦੇ
ਸਮੇਂ ਨਾਲ ਆਪ ਹੀ ਸਮਝ ਜਾਂਦੇ ਨੇ
ਆਪਣੇ ਕਰਮਾਂ ਦੀ ਖੇਡ ਨੂੰ

ਦਇਆ ਕਰਕੇ ਤੈਨੂੰ ਤਾਹਨੇ-ਮਿਹਣੇ
ਮਿਲਦੇ ਨੇ ਲੋਕਾਂ ਕੋਲੋਂ
ਪਰ ਤੈਨੂੰ ਫਰਕ ਨਹੀਂ ਪੈਂਦਾ
ਆਪਣੇ ਬਣਾਏ ਅਸੂਲਾਂ ਨੂੰ ਤੂੰ ਨਹੀਂ ਤੋੜਦਾ
ਲੋਕ ਭਾਵੇਂ ਆਪਣੀ ਸੋਚ ਦੇ ਫੈਸਲਿਆਂ ਲਈ
ਤੇਰੇ ਤੋਂ ਨਰਾਜ ਰਹਿਣ
ਪਰ ਜਾਣਦੇ ਨੇ ਸਮਿਆਂ ਦੇ ਸੱਚ ਨੂੰ

ਕਿਸੇ ਧਰਮ ਦੀ ਗੱਲ ਕਰਦਿਆਂ
ਕਦੇ ਨਹੀਂ ਦੇਖਿਆ “ਤੈਨੂੰ”
ਸਿਰ ਤੇ ਟੋਪੀ ਲਾਇਆਂ
ਭਗਵੇਂ ਕੱਪੜੇ ਪਾਇਆਂ
ਸਿਰ ਤੇ ਪੱਗ ਬੰਨਿਆਂ
ਖੁੱਲ੍ਹੇ ਵਾਲ ਵਧਾਇਆਂ
ਤੇ ਨਾ ਕਦੇ ਵਾਲ ਕਟਾਇਆਂ

ਦਸ ਕੀ ਧਰਮ ਹੋਇਆ ਤੇਰਾ?

Post Author: admin