6

ਸਮੇਂ ਦੀ ਲੋੜ

ਜੀਵਨ ਗਿਆਨ ਦੀ ਸਮਝ ਤੋਂ ਬਾਅਦ ਜੋ ਵੀ ਗੱਲਾਂ ਜੀਵਨ ਦਾ ਨਚੋੜ ਬਣਦੀਆਂ ਹਨ। ਉਹ ਦਰਸਾਉਂਦੀਆਂ ਹਨ। ਕਿ ਪਰਮਾਤਮਾ ਦੀ ਹੋਂਦ ਨੂੰ ਨਕਾਰਿਆ ਨਹੀਂ ਜਾ ਸਕਦਾ। ਭਾਵੇਂ ਕੇ ਇਸ ਬਾਰੇ ਵਿੱਚ ਹਰ ਇਨਸਾਨ ਦੇ ਆਪਣੇ ਆਪਣੇ ਮਾਪ-ਦੰਡ ਹਨ ਇਸ ਪ੍ਰਤੀ। ਪਰ ਉਸ ਦੀ ਹੋਂਦ ਦੇ ਨਤੀਜੇ ਕਈ ਵਾਰੀ ਅਵਤਾਰੀ ਪੁਰਸ਼ਾਂ ਦੁਆਰਾ ਦੇਖਣ ਨੂੰ ਮਿਲਦੇ ਆਏ ਹਨ ।
ਇਸ ਗੱਲ ਨਾਲ ਕਿਸੇ ਉੱਤੇ ਆਪਣੀ ਵਿਚਾਰਧਾਰਾ ਥੋਪ ਇਸ ਵਿਚਾਰ ਚਰਚਾ ਵਿੱਚ ਨਹੀਂ ਪੈਣਾ ਚਾਹੀਦਾ।

ਦੁਨੀਆਂ ਵਿੱਚ ਜਿੱਥੇ ਜਿੱਥੇ ਵੀ ਪਰਮਾਤਮਾ ਨੂੰ ਮੰਨਿਆ ਜਾਂਦਾ ਹੈ। ਉੱਥੇ ਉੱਥੇ ਪਰਮਾਤਮਾ ਤੇ ਜੀਵਨ ਉਲਝਾਂ ਨੂੰ ਸਮਝਣ ਦੀ ਖੋਜ ਕੀਤੀ ਜਾਂਦੀ ਰਹੀ ਹੈ। ਇਹ ਸਭ ਧਰਮ ਜਦੋਂ ਜਦੋਂ ਵੀ ਹੋਂਦ ਵਿੱਚ ਆਏ ਕਿਸੇ ਨਾ ਕਿਸੇ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਜੀਵਨ ਗਿਆਨ ਤੇ ਪਰਮਾਤਮਾ ਦੀ ਹੋਂਦ ਦਾ ਪਸਾਰ ਕੀਤਾ। ਉਹ ਸਾਰੇ ਆਮ ਇਨਸਾਨ ਸਨ। ਪਰ ਉਹਨਾਂ ਦੀ ਖੋਜ ਦੇ ਨਤੀਜੇ ਬਹੁਤ ਹੀ ਉੱਚੇ ਦਰਜੇ ਦੇ ਸਨ। ਜਿਸ ਕਾਰਨ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਹਨਾਂ ਨੂੰ ਅਵਤਾਰੀ ਪੁਰਸ਼ ਦਾ ਦਰਜਾ ਦਿੱਤਾ। ਸਮੇਂ ਦੇ ਨਾਲ ਨਾਲ ਅਵਤਾਰੀ ਪੁਰਸ਼ਾਂ ਦੀਆਂ ਕਿਹੀਆਂ ਗੱਲਾਂ ਠੀਕ ਹੋਣ ਕਾਰਨ ਮਨੌਤ ਦਾ ਰੂਪ ਧਾਰਨ ਕਰਨ ਲੱਗ ਜਾਂਦੀਆਂ ਹਨ ਤੇ ਆਮ ਇਨਸਾਨ ਉਹਨਾਂ ਨੂੰ ਬਿਨਾਂ ਸੋਚੇ ਸਮਝੇ ਮੰਨਣਾ ਸ਼ੁਰੂ ਕਰ ਦਿੰਦੇ ਹਨ। ਉਹ ਸਮੇਂ ਦੀ ਧਾਰਨਾ ਹੋਣ ਕਾਰਨ ਕੁਝ ਸਮਾਂ ਤਾਂ ਨਤੀਜੇ ਦੰਦੀਆਂ ਹਨ ਪਰ ਬਾਅਦ ਵਿੱਚ ਵਹਿਮ-ਭਰਮ ਦਾ ਰੂਪ ਵੀ ਧਾਰਨ ਕਰ ਲੈਂਦੀਆਂ ਹਨ।

ਸਾਰੇ ਦੇਸ਼ਾਂ ਵਿੱਚ ਅਲੱਗ ਅਲੱਗ ਧਰਮਾਂ ਦਾ ਰੂਪ ਇਹੀ ਦਰਸਾਉਂਦਾ ਹੈ ਕੇ ਜਦੋਂ ਜਦੋਂ ਕਿਸੇ ਬੁੱਧੀਜੀਵੀ ਨੇ ਪੂਰਨ ਜੀਵਨ ਖੋਜ ਤੇ ਪਰਮਾਤਮਾ ਨੂੰ ਦਰਸਾਇਆ ਹੈ ਉੱਥੇ ਉੱਥੇ ਉਸ ਨੂੰ ਮੰਨਣ ਵਾਲੇ ਲੋਕਾਂ ਨੇ ਇੱਕ ਨਵੇਂ ਧਰਮ ਨੂੰ ਜਨਮ ਦਿੱਤਾ ਹੈ। ਕਿਸੇ ਵੀ ਧਰਮ ਦੀ ਮੂਲ ਵਿਚਾਰਧਾਰਾ ਵਿੱਚ ਕੋਈ ਖਾਸ ਅੰਤਰ ਨਹੀਂ ਹੈ। ਕਿਉਂਕਿ ਅਵਤਾਰੀ ਸਿਰਫ ਤੇ ਸਿਰਫ ਇਨਸਾਨੀਅਤ ਦੀ ਪਹਿਚਾਣ ਦੀ ਵਿਚਾਰਧਾਰਾ ਨੂੰ ਹੀ ਲੋਕਾਂ ਵਿੱਚ ਫੈਲਾਉਂਦਾ ਹੈ। ਪੂਰਨ ਅਵਤਾਰੀ ਜਾਣਦਾ ਹੈ ਕਿ ਦੁਨੀਆਂ ਵਿੱਚ ਇਨਸਾਨੀਅਤ ਦੇ ਭਲੇ ਤੋਂ ਉੱਤਮ ਕੋਈ ਕਾਰਜ ਨਹੀਂ ਹੈ। ਇਹੀ *ਕੇਂਦਰ ਨੀਤੀ* ਵੀ ਹੈ ਜਿਸ ਨਾਲ ਪਰਮਾਤਮਾ ਦੁਨੀਆਂ ਨੂੰ ਇੱਕ ਸਮਾਨਤਾ ਪਰਦਾਨ ਕਰਦਾ ਹੈ ।

ਸਮੇਂ ਦੀ ਲੋੜ ਨੇ ਬਹੁਤ ਸਾਰੇ ਅਵਤਾਰੀ ਪੁਰਸ਼ ਬਣਾ ਦਿੱਤੇ।ਜਦੋਂ ਵੀ ਕੋਈ ਇਨਸਾਨ ਪੂਰਨ ਸਮਝ ਤੇ ਪਹੁੰਚਿਆਂ ਉਸ ਨੇ ਪੁਰਾਣੀ ਖੋਜ ਦੀਆਂ ਕਮੀਆਂ ਨੂੰ ਨਕਾਰ ਦਿੱਤਾ। ਉਸ ਵਿੱਚ ਜੋ ਸੁਧਾਰ ਦੀ ਲੋੜ ਸੀ ਉਹ ਸੁਧਾਰ ਤੇ ਬਦਲਾਓ ਕਰ ਦਿੱਤੇ ਜੋ ਗੱਲਾਂ ਸਿਰਫ ਵਹਿਮਾਂ-ਭਰਮਾਂ ਤੱਕ ਸੀਮਿਤ ਸਨ। ਉਹਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਪਰ ਇਹ ਗੱਲ ਪੂਰਨ ਸਮਝ ਦੀ ਹੈ ਕਿ ਕਿਸੇ ਵੀ ਅਵਤਾਰੀ ਦੀ ਖੋਜ ਪੁਰਾਣੀ ਖੋਜ ਤੋਂ ਹੀ ਪਰਭਾਵਿਤ ਹੁੰਦੀ ਹੈ। ਪੁਰਾਣੀਆਂ ਨੀਤੀਆਂ ਦੇ ਕਾਰਨ ਲੱਭਦੇ ਲੱਭਦੇ ਨਵਾਂ ਅਵਤਾਰੀ ਠੀਕ ਤੇ ਗਲਤ ਦਾ ਫੈਸਲਾ ਕਰ ਹੀ ਲੈਂਦਾ ਹੈ ਤੇ ਆਪਣੀ ਨਵੀਂ ਨੀਤੀ ਦਰਜ ਕਰ ਦਿੰਦਾ ਹੈ ਸਮੇਂ ਦੇ ਹਿਸਾਬ ਨਾਲ ਨੀਤੀ ਹੋਣ ਕਾਰਨ ਨਤੀਜੇ ਬਹੁਤ ਹੀ ਪੂਰਨ ਹੁੰਦੇ ਹਨ। ਲੋਕ ਪੁਰਾਣਿਆਂ ਨੂੰ ਛੱਡ ਨਵੇਂ ਦੇ ਲੜ ਲੱਗ ਜਾਂਦੇ ਹਨ। ਇੱਕ ਨਵਾਂ ਧਰਮ ਹੋਂਦ ਵਿੱਚ ਆ ਜਾਂਦਾ ਹੈ।

ਸਾਰੇ ਧਰਮ ਇੱਕ ਲੜੀ ਹਨ ਖੋਜ ਦੀ। ਜੋ ਪਹਿਲੇ ਖੋਜੀ ਨੇ ਖੋਜਿਆ ਸੀ ਦੂਸਰੇ ਨੂੰ ਸਮੇਂ ਦੇ ਅਧਾਰ ਤੇ ਉਸ ਵਿੱਚ ਸੁਧਾਰ ਦੀ ਲੋੜ ਮਹਿਸੂਸ ਹੋਈ। ਉਸ ਨੇ ਆਪਣੀ ਸਮਝ ਦੇ ਅਧਾਰ ਤੇ ਆਪਣਾ ਬਦਲਾਓ ਦਰਜ ਕਰ ਦਿੱਤਾ। ਲੋਕ ਆਪਣੀ ਅਲੱਗ ਹੋਂਦ ਦੇ ਪਰਗਟਾਵੇ ਲਈ ਆਪਣੇ ਆਪ ਨੂੰ ਉੱਚਾ ਦਰਸਾਉਂਦੇ ਹਨ।ਇਨਸਾਨੀਅਤ ਦੀ ਸਮਝ ਵਾਲਾ ਕਦੇ ਵੀ ਇਸ ਦਾ ਹਿੱਸਾ ਨਹੀਂ ਹੁੰਦਾ।

ਜੇ ਇਹ ਮੰਨ ਲਿਆ ਜਾਵੇ ਕੇ ਸਾਰੀਆਂ ਸਮਾਜਿਕ ਸਿਰਜਣਾਵਾਂ ਜੋ ਅਵਤਾਰੀਆਂ ਦੀਆਂ ਲਿਖਤਾਂ ਹਨ। ਉਹ ਇੱਕ ਤੋਂ ਬਾਅਦ ਇੱਕ ਨਵੀਂ ਉਨਤੀ ਨੂੰ ਦਰਜ ਕਰਦੀਆਂ ਆਈਆਂ ਹਨ ਤਾਂ ਇਹ ਫੈਸਲਾ ਹੋ ਸਕਦਾ ਹੈ ਕੇ ਸਾਰੇ ਧਰਮ ਇਨਸਾਨੀਅਤ ਦੇ ਵਿਕਾਸ ਦਾ ਰੂਪ ਹਨ।

ਹੁਣ ਵੀ ਸਾਰੀਆਂ ਪੁਰਾਣੀਆਂ ਸਿਰਜਣਾਵਾਂ ਵਿੱਚ ਬਹੁਤ ਸਾਰੇ ਸਮੇਂ ਦੇ ਬਦਲਾਓ ਦੀ ਲੋੜ ਹੈ। ਬਹੁਤ ਸਾਰੀਆਂ ਵਹਿਮ-ਭਰਮ ਦੀਆਂ ਗੱਲਾਂ ਘੱਟ ਸੋਝੀ ਵਾਲਿਆਂ ਨੇ ਆਪਣੀ ਮਰਜੀ ਨਾਲ ਦਰਜ ਕਰ ਲਈਆਂ ਹਨ। ਜਿਨ੍ਹਾਂ ਨੂੰ ਸੁਧਾਰ ਦੇਣ ਦੀ ਲੋੜ ਹੈ ਅੱਗੇ ਦੇ ਮਾਨਸਿਕ ਵਿਕਾਸ ਲਈ।

ਪਰ ਇੱਕ ਅੱਗੇ ਦਾ ਖਿਆਲ ਜੋ ਇਸ ਦੀ ਰੂਪ ਰੇਖਾ ਬਣਨ ਤੋਂ ਰੋਕ ਪਾ ਰਿਹਾ ਹੈ। ਕਿ ਕੋਈ ਨਵਾਂ ਧਰਮ ਨਾ ਜਨਮ ਲੈ ਲਵੇ। ਲੋਕਾਂ ਨੂੰ ਦੁਬਾਰਾ ਵੰਡਣ ਲਈ। ਹੁਣ ਨਵੀਂ ਸਮਾਜਿਕ ਸਿਰਜਣਾ ਦੀ ਲੋੜ ਹੈ। ਪੂਰਨ ਸੱਚ ਦੇ ਫੈਸਲਿਆਂ ਨਾਲ, ਧਰਮ ਤੋਂ ਬਾਹਰ ਹੋ ਇਨਸਾਨੀਅਤ ਦੇ ਦਾਇਰੇ ਵਿੱਚ ਇਸ ਯੁੱਗ ਦੀ ਨਵੀਂ ਸਮਾਜਿਕ ਸਿਰਜਣਾ ਲਿਖੀ ਜਾ ਰਹੀ ਹੈ ਜਿਸ ਤੇ ਨਵੇਂ ਕਿਸੇ ਵੀ ਧਰਮ ਦੀ ਮੋਹਰ ਨਹੀਂ ਹੋਵੇਗੀ।***

Post Author: admin