193

ਸਿਰਜਣਹਾਰ

ਕੋਣ ਸਿਰਜਣਹਾਰ ਹੈ
ਮੈਂ ਤਾਂ ਨਹੀਂ
ਉਹ ਆਉਂਦਾ ਹੈ
ਸਿਰਜਣਾ ਕਰ ਜਾਂਦਾ ਹੈ
ਜਿਕਰ ਕਰਦਾ ਹੈ ਮੇਰਾ
ਪਰ ਮੈਨੂੰ ਹੀ ਨਹੀਂ ਦੱਸਦਾ
ਆਪਣੀ ਹੋਂਦ ਬਾਰੇ

ਲੰਬੀ ਕਵਿਤਾ ਲਿਖ ਬੈਠ ਜਾਂਦਾ ਹੈ
ਸ਼ਬਦ ਜੋੜਦਾ ਹੈ
ਮੈਨੂੰ ਤੋੜਦਾ ਹੈ
ਲੜੀ ਜੋੜਦਾ ਹੈ
ਮੈਂ ਵਹਿ ਤੁਰਦਾ ਹਾਂ
ਇੱਕ ਦੂਜੇ ਦੀ ਛੇੜ ਵਿੱਚ
ਕਵਿਤਾ ਬਣ ਜਾਂਦੀ ਹੈ

ਹਕੀਕੀ ਮਜਾਜੀ ਦੇ ਲਾਰੇ ਨੇ
ਸਿਰਜਣਹਾਰੇ ਦੀਆਂ ਕਵਿਤਾਵਾਂ ਵਿੱਚ
ਮਹਿਬੂਬ ਦਾ ਇਸ਼ਕ
ਮੇਰੇ ਤਾਂ ਭਾਗਾਂ ਵਿੱਚ ਨਹੀਂ ਲਗਦਾ

ਸਰੀਰ ਖੇਡ ਖੇਡ ਨਹੀਂ ਰੱਜਦਾ
ਰੂਹ ਤੜਫ ਤੜਫ
ਉਡਾਰੀਆਂ ਮਾਰਨੋਂ ਨਹੀਂ ਹਟਦੀ
ਨਾ ਹੀ ਤੂੰ ਮਿਣਿਆ ਜਾਂਦਾ ਏ

ਕਵਿਤਾ ਵੀ ਤੁਰੀ ਰਹਿੰਦੀ ਹੈ
ਆਪ ਮੁਹਾਰੇ
ਹੁਣ ਬੋਲ ਨਹੀਂ ਨੇ ਮੇਰੇ ਕੋਲੇ
ਤੈਨੂੰ ਗਾਉਣ ਲਈ

ਇਸ਼ਕ ਦੇਖਿਆ ਜਾਣ ਲੱਗ ਪਿਆ ਮੇਰਾ
ਮਸ਼ਹੂਰੀਆਂ ਲੜੀ ਤੋੜ ਦਿੰਦੀਆਂ ਨੇ
ਕਈ ਵਾਰੀ ਤੁਰੀ ਜਾਂਦੀ ਕਹਾਣੀ ਦੀਆਂ

ਕਮਰਸ਼ਲ ਹੋ ਗਿਆ ਲਗਦਾ ਏ ਤੂੰ ਵੀ
ਪਰ ਮੈਂ ਮਿਲਾਪ ਵਿੱਚ ਕੋਈ ਮਸ਼ਹੂਰੀ ਨਹੀਂ ਦੇਣੀ
ਮੇਰੀ ਸਿਖਰ ਨਾ ਟੁੱਟ ਜਾਵੇ
ਤੇਰੇ ਆਉਣ ਜਾਣ ਵਿੱਚ

ਏਦਾਂ ਦੇ ਖਿੱਲਰੇ ਹੋਏ ਸ਼ਬਦ
ਮੇਰੀ ਕਵਿਤਾ ਵਿੱਚ ਕਿੱਥੋਂ ਆ ਗਏ

ਤੂੰ ਆਇਆ ਕਰ
ਲਿਖਣ ਲੱਗਾ ਹੁੰਦਾ ਏ ਤਾਂ
ਪੂਰੀ ਕਰ ਕੇ ਜਾਇਆ ਕਰ
ਮੇਰੇ ਤੋਂ ਨਹੀਂ ਹੁੰਦੀ ਪੂਰੀ
ਤੇਰੀ ਸ਼ੁਰੂ ਕੀਤੀ ਹੋਈ

Post Author: admin